ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੀ ਆਮਦ ਪੂਰੇ ਜ਼ੋਰਾਂ ‘ਤੇ ਜਾਰੀ ਹੈ ਤੇ ਅਗਲੇ ਅੱਠ ਤੋਂ ਦਸ ਦਿਨ ਕਣਕ ਦੀ ਆਮਦ ਇਸੇ ਰਫਤਾਰ ਨਾਲ ਮੰਡੀਆਂ ‘ਚ ਜਾਰੀ ਰਹੇਗੀ। ਇਸ ਸਭ ਦੇ ਵਿਚਾਲੇ ਮੰਡੀਆਂ ‘ਚ ਬਾਰਦਾਨੇ ਦੀ ਥੋੜ ਕਾਰਨ ਵੱਡੀ ਮਾਤਰਾ ‘ਚ ਕਣਕ ਦੀ ਫਸਲ ਖੁੱਲੇ ਅਸਮਾਨ ਥੱਲੇ ਪਈ ਹੈ ਜਿਸ ਦੀ ਫਿਕਰ ਕਿਸਾਨਾਂ ਤੇ ਆੜਤੀਆਂ ਦੇ ਚਿਹਰਿਆਂ ‘ਤੇ ਸਾਫ ਝਲਕਦੀ ਹੈ ਕਿਉਂਕਿ ਬੇਮੌਸਮੀ ਬਾਰਸ਼ ਨੇ ਪਹਿਲਾਂ ਵੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ।

ਆੜਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਰਿੰਦਰ ਬਹਿਲ ਨੇ ਦੱਸਿਆ ਕਿ ਆੜਤੀ ਆਪਣਾ ਧਰਮ ਨਿਭਾ ਰਹੇ ਹਨ ਕਿਉਂਕਿ ਸਰਕਾਰ ਵੱਲੋਂ ਆੜਤੀਆਂ ਨੂੰ ਬਾਰਦਾਨਾ ਬਹੁਤ ਘੱਟ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਆੜਤੀ ਆਪਣੇ ਪੱਧਰ ‘ਤੇ ਬਾਰਦਾਨੇ ਦਾ ਪ੍ਰਬੰਧ ਕਰ ਰਹੇ ਹਨ ਤੇ ਦੂਜੇ ਪਾਸੇ ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਕਿਸਾਨਾਂ ਦੀ ਫਸਲ ਮੰਡੀਆਂ ‘ਚ ਖੁੱਲੇ ਅਸਮਾਨ ਹੇਠ ਪਈ ਹੈ ਤੇ ਪਹਿਲਾਂ ਹੀ ਬਾਰਸ਼ ਨੇ ਕਿਸਾਨਾਂ ਦਾ ਕਾਫੀ ਨੁਕਸਾਨ ਕੀਤਾ ਹੈ।

ਉਨਾਂ ਕਿਹਾ ਕਿ ਰਹਿੰਦੀ ਕਸਰ ਮੰਡੀਆਂ ‘ਚ ਲਿਫਟਿੰਗ ਨਾ ਹੋਣ ਕਾਰਨ ਨਿਕਲ ਗਈ ਹੈ ਤੇ ਲਿਫਟਿੰਗ ਨਾਮਾਤਰ ਹੋਣ ਕਰਕੇ ਮੰਡੀਆਂ ਨੱਕੋ ਨੱਕ ਭਰ ਗਈਆਂ ਨੇ, ਜਿਸ ਦਾ ਕਾਰਨ ਉਹੀ ਹੈ ਜੋ ਬੀਤੇ ਸਾਲਾਂ ‘ਚ ਰਿਹਾ ਹੈ ਕਿ ਟਰਾਂਸਪੋਰਟ ਦੇ ਠੇਕੇ ਉਨਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ, ਜਿਨਾਂ ਕੋਲ ਇਕ ਵੀ ਗੱਡੀ ਨਹੀਂ ਹੁੰਦੀ।

ਇਕ ਹੋਰ ਆੜਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਬਾਰਦਾਨਾ ਆਪਣੇ ਚਹੇਤਿਆਂ ਨੂੰ ਅਲਾਟ ਕੀਤਾ ਜਾਂਦਾ ਹੈ, ਜਿਸ ਕਾਰਨ ਬਹੁਤ ਸਾਰੇ ਆੜਤੀਆਂ ਦਾ ਕੰਮ ਰੁਕ ਜਾਂਦਾ ਹੈ। ਮੰਡੀ ‘ਚ ਬਾਰਦਾਨੇ ਦੀ ਘਾਟ ਤੇ ਲਿਫਟਿੰਗ ਨੇ ਅੱਜ ਮੰਡੀ ਦੀ ਹਾਲਤ ਇਹ ਕਰ ਦਿੱਤੀ ਹੈ ਕਿ ਮੰਡੀ ‘ਚ ਤਿਲ ਸੁੱਟਣ ਜੋਗੀ ਥਾਂ ਵੀ ਨਹੀਂ।

ਇਸ ਤੋਂ ਇਲਾਵਾ ਕਿਸਾਨਾਂ ਅੰਗਰੇਜ ਸਿੰਘ ਤੇ ਸ਼ਮਸ਼ੇਰ ਸਿੰਘ ਨੇ ਵੀ ਆਖਿਆ ਕਿ ਬਾਰਦਾਨਾ ਨਾ ਹੋਣ ਕਾਰਨ ਮੰਡੀ ਭਰੀ ਪਈ ਹੈ ਤੇ ਕਿਸਾਨ ਮੰਡੀਆਂ ‘ਚ ਜਗਾ ਖਾਲੀ ਹੋਣ ਦੀ ਉਡੀਕ ‘ਚ ਹਨ ਤੇ ਜਿੰਨਾਂ ਕਿਸਾਨਾਂ ਦੀ ਫਸਲ ਮੰਡੀ ‘ਚ ਪਈ ਹੈ, ਉਹ ਬਾਰਦਾਨੇ ਦੀ ਉਡੀਕ ‘ਚ ਹਨ।
ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੀ ਆਮਦ ਪੂਰੇ ਜ਼ੋਰਾਂ ‘ਤੇ ਜਾਰੀ ਹੈ ਤੇ ਅਗਲੇ ਅੱਠ ਤੋਂ ਦਸ ਦਿਨ ਕਣਕ ਦੀ ਆਮਦ ਇਸੇ ਰਫਤਾਰ ਨਾਲ ਮੰਡੀਆਂ ‘ਚ ਜਾਰੀ ਰਹੇਗੀ। ਇਸ ਸਭ …
Wosm News Punjab Latest News