ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਜ਼ਦੀਕੀ ਪਿੰਡ ਖੋਖਰਾਂ ਵਿਖੇ ਕਬੱਡੀ ਕੱਪ ਦੌਰਾਨ ਇਨਾਮਾਂ ਦੀ ਵੰਡ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਸੂਬੇ ਅੰਦਰ ਕਬੱਡੀ ਕੱਪ ਕਰਵਾਏ ਜਾਣਗੇ ਤਾਂ ਜੋ ਨੌਜਵਾਨ ਆਪਣੀ ਰਵਾਇਤੀ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰ ਸਕਣ। ਇਸ ਤੋਂ ਪਹਿਲਾਂ ਚੰਨੀ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਚੰਨੀ ਨੇ ਕਿਹਾ ਕਿ ਖੇਡਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਦੂਰ ਰੱਖਣ ਵਿੱਚ ਸਹਾਈ ਹੁੰਦੀਆਂ ਹਨ, ਇਸੇ ਲਈ ਉਨ੍ਹਾਂ ਨੇ ਹਲਕੇ ਵਿੱਚ 6 ਅਤਿ ਆਧੁਨਿਕ ਐਸਟ੍ਰੋਟਰਫ ਵਾਲੇ ਕਰੋੜਾਂ ਰੁਪਏ ਦੀ ਲਾਗਤ ਨਾਲ ਸਟੇਡੀਅਮ ਤਿਆਰ ਕਰਵਾਏ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਪਿੰਡ ਖੋਖਰਾਂ ਦੇ ਵਾਸੀਆਂ ਦੀ ਹਰ ਸਾਲ ਖੇਡਾਂ ਕਰਵਾਉਣ ਦੀ ਸ਼ਲਾਘਾ ਵੀ ਕੀਤੀ।
ਚੰਨੀ ਨੇ ਮੀਡੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕਾਂ ਨੇ ਵੋਟਾਂ ਵਾਲੇ ਦਿਨ 20 ਫਰਵਰੀ ਨੂੰ ਸਭ ਤੋਂ ਵੱਧ ਵੋਟਾਂ ਕਾਂਗਰਸ ਪਾਰਟੀ ਨੂੰ ਪਾਈਆਂ ਹਨ, ਕਿਉਂਕਿ ਉਹ ਪੰਜਾਬ ਅੰਦਰ ਜਿੱਥੇ ਕਾਂਗਰਸ ਦੀ ਸਰਕਾਰ ਵੇਖਣਾ ਚਾਹੁੰਦੇ ਹਨ, ਉੱਥੇ ਹੀ ਉਹ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠੇ ਦੇਖਣਾ ਵੀ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਪੰਜਾਬ ਦੇ ਸੂਝਵਾਨ ਵੋਟਰਾਂ ਨੇ ਆਪ-ਮੁਹਾਰੇ ਸਭ ਤੋਂ ਵੱਧ ਵੋਟਾਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਪਾਈਆਂ ਹਨ ਕਿਉਂਕਿ ਉਹ ਜਾਣਦੇ ਹਨ ਕਿ ਜਿੱਥੇ ਕਾਂਗਰਸ ਪਾਰਟੀ ਗਰੀਬਾਂ ਦੀ ਆਪਣੀ ਪਾਰਟੀ ਹੈ, ਉੱਥੇ ਹੀ ਉਹ ਕਿਸਾਨ ਹਿਤੈਸ਼ੀ ਪਾਰਟੀ ਵੀ ਹੈ।
ਇਸ ਮੌਕੇ ਸਾਬਕਾ ਡਾਇਰੈਕਟਰ ਦਵਿੰਦਰ ਸਿੰਘ ਜਟਾਣਾ, ਉੱਘੇ ਸਮਾਜਸੇਵੀ ਸੁਰਿੰਦਰ ਸਿੰਘ ਬਾਠ ਕੈਨੇਡਾ, ਨੰਬਰਦਾਰ ਗੁਰਪਾਲ ਸਿੰਘ ਖਾਬੜਾ, ਚੇਅਰਮੈਨ ਕਰਨੈਲ ਸਿੰਘ, ਵਾਈਸ ਚੇਅਰਮੈਨ ਤਰਲੋਚਨ ਸਿੰਘ ਭੰਗੂ, ਨੰਬਰਦਾਰ ਜਸਵੀਰ ਸਿੰਘ ਅਤੇ ਸਰਪੰਚ ਟਹਿਲ ਸਿੰਘ ਲੁਠੇੜੀ ਆਦਿ ਹਾਜ਼ਰ ਸਨ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਜ਼ਦੀਕੀ ਪਿੰਡ ਖੋਖਰਾਂ ਵਿਖੇ ਕਬੱਡੀ ਕੱਪ ਦੌਰਾਨ ਇਨਾਮਾਂ ਦੀ ਵੰਡ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਸੂਬੇ ਅੰਦਰ ਕਬੱਡੀ ਕੱਪ ਕਰਵਾਏ ਜਾਣਗੇ …