ਮਾਛੀਵਾੜਾ ਦੇ ਆੜ੍ਹਤੀਆਂ ਦੀ ਮੀਟਿੰਗ ਅਨਾਜ ਮੰਡੀ ਵਿਖੇ ਹੋਈ, ਜਿਸ ਵਿਚ ਕਣਕ ਦੀ ਖ਼ਰੀਦ ਅਤੇ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਆੜ੍ਹਤੀ ਆਗੂ ਤੇਜਿੰਦਰ ਸਿੰਘ ਕੂੰਨਰ ਤੇ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਸਮੂਹ ਆੜ੍ਹਤੀਆਂ ਨੇ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਕਿ ਜੇਕਰ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 10 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਕਣਕ ਦੀ ਖ਼ਰੀਦ ਦਾ ਬਾਈਕਾਟ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਫ਼ਸਲਾਂ ਦੀ ਅਦਾਇਗੀ ਪਹਿਲਾਂ ਦੀ ਤਰ੍ਹਾਂ ਆੜ੍ਹਤੀਆਂ ਰਾਹੀਂ ਕਰਨ ਦਾ ਫ਼ੈਸਲਾ ਲਾਗੂ ਨਹੀਂ ਕਰਦੀ ਅਤੇ ਕਿਸਾਨਾਂ ਦੀਆਂ ਫਰਦਾਂ ਪੋਰਟਲ ’ਤੇ ਚੜ੍ਹਾਉਣ ਦੀ ਫੁਰਮਾਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਮੰਡੀਆਂ ’ਚ ਫ਼ਸਲ ਦਾ ਬਾਈਕਾਟ ਜਾਰੀ ਰਹੇਗਾ।ਉਕਤ ਆਗੂਆਂ ਨੇ ਕਿਹਾ ਇਹ ਵੀ ਫ਼ੈਸਲਾ ਲਿਆ ਗਿਆ ਕਿ ਕੋਈ ਵੀ ਆੜ੍ਹਤੀ ਮੰਡੀ ’ਚ ਬਿਨ੍ਹਾਂ ਬੋਲੀ ਤੋਂ ਕਿਸਾਨ ਵੱਲੋਂ ਆਈ ਫ਼ਸਲ ਦੀ ਤੁਲਾਈ ਨਹੀਂ ਕਰੇਗਾ ਅਤੇ ਜੇਕਰ ਉਹ ਐਸੋਸੀਏਸ਼ਨ ਦੇ ਕਿਸੇ ਵੀ ਫ਼ੈਸਲੇ ਦੀ ਉਲੰਘਣਾ ਕਰਦਾ ਹੈ

ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਕੂੰਨਰ ਤੇ ਖੇੜਾ ਨੇ ਕਿਹਾ ਕਿ ਫੈੱਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਜੋ ਵੀ ਨਿਰਦੇਸ਼ ਦੇਣਗੇ, ਉਸ ਤਹਿਤ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਆਪਣੀਆਂ ਮੰਗਾਂ ਲਈ ਸਿੰਘੂ ਬਾਰਡਰ ’ਤੇ ਧਰਨਾ ਦੇ ਰਿਹਾ ਹੈ ਪਰ ਕੇਂਦਰ ਵੱਲੋਂ ਅੜੀਅਲ ਰਵੱਈਆ ਅਪਣਾ ਉਨ੍ਹਾਂ ਦੀਆਂ ਮੰਗਾਂ ਨਾ ਮੰਨਣਾ ਬਹੁਤ ਨਿੰਦਣਯੋਗ ਹੈ।

ਆੜ੍ਹਤੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਪੂਰੀਆਂ ਕਰੇ ਤਾਂ ਜੋ ਮੰਡੀਆਂ ’ਚ ਖ਼ਰੀਦ ਸੁਚਾਰੂ ਢੰਗ ਨਾਲ ਚੱਲ ਸਕੇ। ਇਸ ਮੌਕੇ ਹੁਸਨ ਲਾਲ ਮੜਕਨ, ਟਹਿਲ ਸਿੰਘ, ਕਪਿਲ ਆਨੰਦ, ਮੋਹਿਤ ਕੁੰਦਰਾ, ਅਸ਼ੋਕ ਸੂਦ, ਹਰਿੰਦਰਮੋਹਣ ਸਿੰਘ ਕਾਲੜਾ, ਅਰਵਿੰਦਰਪਾਲ ਸਿੰਘ ਵਿੱਕੀ, ਪਰਮਿੰਦਰ ਸਿੰਘ ਗੁਲਿਆਣੀ, ਨਿਤਿਨ ਜੈਨ,

ਤੇਜਿੰਦਰਪਾਲ ਸਿੰਘ ਰਹੀਮਾਬਾਦ, ਪ੍ਰਭਦੀਪ ਰੰਧਾਵਾ, ਰਿੰਕੂ ਲੂਥਰਾ, ਜਤਿਨ ਚੌਰਾਇਆ, ਰਾਜਵਿੰਦਰ ਸਿੰਘ ਸੈਣੀ, ਤੇਜਿੰਦਰਪਾਲ ਡੀ. ਸੀ., ਹੈਪੀ ਬਾਂਸਲ, ਸਰਬਜੀਤ ਸਿੰਘ ਗਿੱਲ, ਐਡਵੋਕੇਟ ਵਿੰਕੀ ਮਿੱਠੇਵਾਲ, ਸ਼ਸ਼ੀ ਭਾਟੀਆ, ਪਾਵਸ ਭਾਟੀਆ, ਪਵਨ ਕੁਮਾਰ, ਸੁਰਿੰਦਰ ਅਗਰਵਾਲ, ਮੁਕੰਦ ਸਿੰਘ, ਅਮਿਤ ਭਾਟੀਆ, ਜੈਦੀਪ ਸਿੰਘ ਕਾਹਲੋਂ, ਵਿਨੀਤ ਕੌਸ਼ਲ ਆਦਿ ਵੀ ਮੌਜੂਦ ਸਨ।
ਮਾਛੀਵਾੜਾ ਦੇ ਆੜ੍ਹਤੀਆਂ ਦੀ ਮੀਟਿੰਗ ਅਨਾਜ ਮੰਡੀ ਵਿਖੇ ਹੋਈ, ਜਿਸ ਵਿਚ ਕਣਕ ਦੀ ਖ਼ਰੀਦ ਅਤੇ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਆੜ੍ਹਤੀ ਆਗੂ ਤੇਜਿੰਦਰ ਸਿੰਘ ਕੂੰਨਰ ਤੇ …
Wosm News Punjab Latest News