ਮੋਹਾਲੀ ਫੇਜ 9 ਵਿਖੇ ਪੁਲਿਸ ਮੁਲਾਜ਼ਮਾਂ ਦੀ ਗੁੰਡਾਗਰਦੀ ਦੀ ਨਿਊਜ਼18 ‘ਤੇ ਖ਼ਬਰ ਨਸ਼ਰ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ 2 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਸਵੇਰੇ ਪੁਲਿਸ ਮੁਲਾਜ਼ਮਾਂ ਵੱਲੋਂ 3 ਭਰਾਵਾਂ ਦੀ ਕੁੱਟਮਾਰ ਦੀ ਨਿਊਜ਼18 ਨੇ ਖ਼ਬਰ ਨਸ਼ਰ ਕੀਤੀ ਸੀ, ਜਿਸ ਦੀ ਵੀਡੀਓ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਇਨ੍ਹਾਂ ਦੀ ਕੁੱਟਮਾਰ ਕਰ ਰਹੇ ਹਨ।
ਡੀਸੀਐਪੀ HS ਬਲ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਹੀ ਮੁਲਾਜ਼ਮਾਂ ਵੱਲੋਂ ਫੇਜ 9 ਵਿਖੇ ਨੌਜਵਾਨਾਂ ਦੀ ਕੁਟਮਾਰ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਹਸਪਤਾਲ ਜਾ ਕੇ ਪੀੜਤਾਂ ਦੇ ਬਿਆਨ ਲਏ ਅਤੇ ਕੇਸ ਦਰਜ ਕੀਤਾ। ਇਸ ਦੇ ਨਾਲ ਹੀ 2 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਜਦਕਿ ਤੀਜੇ ਮੁਲਜ਼ਮ ਦੀ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਤਰਨਤਾਰਨ ਵਿਖੇ ਬੱਸ ਕੰਡਕਟਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਮਾਮਲੇ ਤੋਂ ਬਾਅਦ ਹੁਣ ਮੋਹਾਲੀ ਦੇ ਫੇਜ਼ 9 ਵਿਖੇ ਪੰਜਾਬ ਪੁਲਿਸ ਦਾ ਘਿਨਾਉਣਾ ਚਿਹਰਾ ਵੇਖਣ ਨੂੰ ਸਾਹਮਣੇ ਆਇਆ ਸੀ। ਜਿਥੇ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ 3 ਨੌਜਵਾਨਾਂ ਦੀ ਭਾਰੀ ਕੁੱਟਮਾਰ ਕੀਤੀ ਗਈ। ਤਿੰਨੇ ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ, ਜਿਨ੍ਹਾਂ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਲੱਗੇ ਹੋਏ ਹਨ।
ਹਸਪਤਾਲ ਵਿੱਚ ਜੇਰੇ ਇਲਾਜ ਮੁੰਡਿਆਂ ਵਿੱਚੋਂ ਇੱਕ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਪਾਰਕ ਵਿੱਚ ਬੈਠਾ ਸੀ। ਇਸ ਦੌਰਾਨ ਦੋ ਨੌਜਵਾਨ ਆਪਸ ਵਿੱਚ ਲੜਾਈ ਕਰ ਰਹੇ ਸਨ, ਜਿਨ੍ਹਾਂ ਨੇ ਉਸ ਕੋਲ ਆ ਕੇ ਪੁੱਛਿਆ ਕਿ ਕੀ ਸਾਡੀ ਵੀਡੀਓ ਕਿਉਂ ਬਣਾ ਰਿਹਾ ਹੈ।
ਉਸ ਨੇ ਨੌਜਵਾਨਾਂ ਨੂੰ ਕਿਹਾ ਕਿ ਮੈਂ ਕੋਈ ਵੀਡੀਓ ਨਹੀਂ ਬਣਾਈ, ਪਰੰਤੂ ਨੌਜਵਾਨਾਂ ਨੇ ਮੇਰਾ ਮੋਬਾਈਲ ਖੋਹ ਲਿਆ ਅਤੇ ਜ਼ਮੀਨ ‘ਤੇ ਸੁੱਟ ਕੇ ਭੰਨ ਦਿੱਤਾ। ਇਸ ਪਿੱਛੋਂ ਮੁਲਜ਼ਮ ਨੌਜਵਾਨਾਂ ਨੇ ਉਥੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਬੁਲਾ ਲਿਆ ਅਤੇ ਉਨ੍ਹਾਂ ਤਿੰਨਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸਤੋਂ ਬਾਅਦ ਕਥਿਤ ਦੋਸ਼ੀ ਪੁਲਿਸ ਵਾਲੇ ਪੀੜਤਾਂ ਨੂੰ ਥਾਣੇ ਲੈ ਗਏ ਅਤੇ ਉਥੇ ਜ਼ਮੀਨ ‘ਤੇ ਲਿਟਾ ਕੇ ਕੁੱਟਿਆ ਅਤੇ ਫਿਰ ਘਰ ਭੇਜ ਦਿੱਤਾ।
ਮੋਹਾਲੀ ਫੇਜ 9 ਵਿਖੇ ਪੁਲਿਸ ਮੁਲਾਜ਼ਮਾਂ ਦੀ ਗੁੰਡਾਗਰਦੀ ਦੀ ਨਿਊਜ਼18 ‘ਤੇ ਖ਼ਬਰ ਨਸ਼ਰ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ 2 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। …